AUDIO GURBANI

ਗੁਰਬਾਣੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ

ੴ ਸਤਿਗੁਰ ਪ੍ਰਸਾਦਿ ॥ ਸਲੋਕ ਮਹਲਾ ੯ ॥ ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥ ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥ ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥ ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥ ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥ ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥ {ਪੰਨਾ 1426}

ਅਰਥ: ਹੇ ਭਾਈ! ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ, ਤਾਂ ਤੂੰ ਆਪਣਾ ਮਨੁੱਖਾ ਜਨਮ ਨਿਕੰਮਾ ਕਰ ਲਿਆ। ਹੇ ਨਾਨਕ! ਆਖ– ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਤੇ, ਉਸ ਨੂੰ ਇਉਂ ਜ਼ਿੰਦਗੀ ਦਾ ਆਸਰਾ ਬਣਾ) ਜਿਵੇਂ ਪਾਣੀ ਨੂੰ ਮੱਛੀ (ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੀ ਹੈ) ।1। 

ਹੇ ਭਾਈ! ਤੂੰ ਵਿਸ਼ਿਆਂ ਨਾਲ ਕਿਉਂ (ਇਤਨਾ) ਮਸਤ ਰਹਿੰਦਾ ਹੈਂ? ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸ਼ਿਆਂ ਤੋਂ ਚਿੱਤ ਨਹੀਂ ਹਟਾਂਦਾ। ਹੇ ਨਾਨਕ! ਆਖ– ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। (ਭਜਨ ਦੀ ਬਰਕਤਿ ਨਾਲ) ਜਮਾਂ ਦੀ ਫਾਹੀ (ਗਲ ਵਿਚ) ਨਹੀਂ ਪੈਂਦੀ।2। 

ਹੇ ਭਾਈ! (ਤੇਰੀ) ਜੁਆਨੀ ਬੇ-ਪਰਵਾਹੀ ਵਿਚ ਹੀ ਲੰਘ ਗਈ, (ਹੁਣ) ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ। ਹੇ ਨਾਨਕ! ਆਖ– ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। ਉਮਰ ਲੰਘਦੀ ਜਾ ਰਹੀ ਹੈ।3।